ਸਕੂਲੀ ਜੀਵਨ ਵਿਚ ਵਿਦਿਆਰਥੀ ਦੇ ਸਿੱਖਣ ਦੀ ਪ੍ਰਕ੍ਰਿਆ ਦੌਰਾਨ ਸਾਰੇ ਵਿਸ਼ਿਆ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਮਾਂ ਬੋਲੀ ਪੰਜਾਬੀ ਦਾ ਵਿਸ਼ਾ ਇਸ ਕਰਕੇ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਿਦਿਆਰਥੀ ਜਿੰਨਾ ਜਲਦੀ, ਸੌਖ ਜਾਂ ਸਹਿਜਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਸਕਦਾ ਹੈ, ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਕਰ ਸਕਦਾ। ਉਦਾਹਰਨ ਵਜੋਂ ਚੀਨ ਵਿਚ ਚੀਨੀ ਭਾਸ਼ਾ ਦੀ ਵਰਤੋਂ ਗਿਆਨ ਦੇ ਪ੍ਰਸਾਰ ਲਈ ਕੀਤੀ ਜਾਂਦੀ ਹੈ। ਚੀਨੀਆਂ ਦਾ ਬੋਧਿਕ ਪੱਖ ਮਜ਼ਬੂਤ ਹੋਣ ਕਾਰਨ ਚੀਨ ਅੱਜ ਦੁਨੀਆਂ ਦੀ ਮਹਾਂਸ਼ਕਤੀ ਹੈ। ਸੋ ਜੇਕਰ ਪੰਜਾਬ ਦਾ ਵਿਦਿਆਰਥੀ ਪੰਜਾਬੀ ਭਾਸ਼ਾ ਵਿਚ ਨਿਪੁੰਨ ਹੋਵੇਗਾ ਤਾਂ ਉਹ ਹਿਸਾਬ, ਵਿਗਿਆਨ ਤੇ ਸਮਾਜਿਕ ਵਿਗਿਆਨ ਵਰਗੇ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਦਾ ਗਿਆਨ ਸੌਖੇ ਤਰੀਕੇ ਨਾਲ ਪ੍ਰਾਪਤ ਕਰ ਸਕੇਗਾ।
ਜੇਕਰ ਕਿਹਾ ਜਾਵੇ ਕਿ ਪੰਜਾਬ ਵਿਚ ਪੰਜਾਬੀ ਸਾਰੇ ਵਿਸ਼ਿਆਂ ਦਾ ਅਧਾਰ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਪਰ ਪਿਛਲੇ ਕੁਝ ਸਮੇਂ ਤੋਂ ਕਿਤੇ ਨਾ ਕਿਤੇ ਦੂਜੇ ਵਿਸ਼ਿਆਂ ਵਿਚ ਪੰਜਾਬੀ ਵਿਸ਼ਾ ਕਿਤੇ ਲੁਕ ਜਿਹਾ ਗਿਆ ਸੀ। ਵਿਦਿਆਰਥੀਆਂ ਵਿਚ ਇਸ ਵਿਸ਼ੇ ਪ੍ਰਤੀ ਨੀਰਸਤਾ ਜਿਹੀ ਆ ਗਈ ਸੀ। ਕਿਸੇ ਵੀ ਸਮੱਸਿਆ ਦਾ ਇੱਕ ਕਾਰਨ ਕਦੇ ਨਹੀਂ ਹੁੰਦਾ ਸਗੋਂ ਸਮੇਂ-ਸਮੇਂ 'ਤੇ ਕਾਰਨ ਆਪਸ ਵਿਚ ਜੁੜਦੇ ਜਾਂਦੇ ਹਨ ਤੇ ਹੌਲੀ-ਹੌਲੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ। ਇਉਂ ਹੀ ਪੰਜਾਬੀ ਵਿਸ਼ੇ ਪ੍ਰਤੀ ਬੱਚਿਆਂ ਦੀ ਰੁਚੀ ਘਟਣ ਪਿੱਛੇ ਕਾਰਨ ਪਾਠਕ੍ਰਮ ਵਿਚ ਰੌਚਕਤਾ ਦੀ ਗੈਰ-ਮੌਜ਼ੂਦਗੀ, ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਦੀ ਘਾਟ, ਬਿਨ੍ਹਾਂ ਫੇਰ ਬਦਲ ਕੀਤਿਆਂ ਲਗਾਤਾਰ ਇਕੋ ਪਾਠਕ੍ਰਮ ਦਾ ਚਲਣ ਜਾਂ ਵਿਸ਼ਾ ਅਧਿਆਪਕ ਦੀ ਮੁਲਾਂਕਣ ਦੌਰਾਨ ਵਿਦਿਆਰਥੀ ਨੂੰ ਸਹੀ ਉੱਤਰ ਲਿਖਣ 'ਤੇ ਵੀ ਪੂਰੇ ਅੰਕ ਨਾ ਦੇਣ ਦੀ ਭਾਵਨਾ ਵੀ ਹੋ ਸਕਦੀ ਹੈ। ਮਾਂ ਬੋਲੀ ਪ੍ਰਤੀ ਵਿਦਿਆਰਥੀਆਂ ਦੀ ਨੀਰਸਤਾ ਬਹੁਤ ਘਾਤਕ ਸਾਬਿਤ ਹੋ ਸਕਦੀ ਹੈ। ਕਹਾਵਤ ਹੈ ਜੇਕਰ ਕਿਸੇ ਬੱਚੇ ਦੀ ਸਿੱਖਣ ਪ੍ਰੀਕ੍ਰਿਆ ਨੂੰ ਔਖਾ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਹੈ ਉਸ ਦੀ ਮਾਂ ਬੋਲੀ ਖੋਹ ਲਵੋ।
Bimaljit Kaur