ਕਿਸੇ ਵੀ ਦੇਸ਼ ਜਾਂ ਕੌਮ ਦੀ ਉਸਾਰੀ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ । ਸਾਫ਼-ਸੁਥਰੇ ਸਮਾਜ ਦੀ ਬੁਨਿਆਦ ਰੱਖਣ ਵਾਲਾ ਅਧਿਆਪਕ ਹੀ ਹੈ । ਅੱਜ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਨਿਰਮਾਤਾ ਹਨ , ਉਨ੍ਹਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ । ਵਿਦਿਆਰਥੀ ਅਧਿਆਪਕ ਤੋਂ ਗਿਆਨ ਰੂਪੀ ਚਾਨਣ ਲੈ ਕੇ ਆਪਣੇ ਜੀਵਨ ਰੂਪੀ ਪੱਥ 'ਤੇ ਅੱਗੇ ਵੱਧਦਾ ਹੈ।
ਜੇਕਰ ਇਤਿਹਾਸ ਨੂੰ ਧਿਆਨ ਪੂਰਵਕ ਵਾਚਿਆ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਅਧਿਆਪਕ ਦਾ ਰੁਤਬਾ ਬੜਾ ਸਨਮਾਨਯੋਗ ਰਿਹਾ ਹੈ।
ਪਰ ਅੱਜ ਸਾਡੇ ਸਮਾਜ ਵਿੱਚ ਵਿਦਿਆਰਥੀ ਵਰਗ ਅਧਿਆਪਕਾਂ ਦਾ ਸਨਮਾਨ ਕਰਨਾ ਭੁੱਲ ਗਿਆ ਹੈ। ਇਸ ਦਾ ਵੱਡਾ ਕਾਰਨ ਵਿਦਿਆਰਥੀ ਵਰਗ ਵਿੱਚ ਵੱਧ ਰਹੀ ਅਨੁਸ਼ਾਸਨਹੀਣਤਾ ਹੈ। ਆਖਿਆ ਵੀ ਗਿਆ ਹੈ :
ਗਿਆਨ ਕਾ ਬਧਾ ਮਨਿ ਰਹੇ ।।
ਗੁਰੂ ਬਿਨ ਗਿਆਨ ਨਾ ਹੋਇ ।।
ਜਿਸ ਤਰ੍ਹਾਂ ਸਾਨੂੰ ਜੀਵਤ ਰਹਿਣ ਲਈ ਭੋਜਨ, ਪਾਣੀ ਤੇ ਹਵਾ ਦੀ ਲੋੜ ਹੈ, ਉਸੇ ਤਰ੍ਹਾਂ ਹੀ ਸਮਾਜ ਵਿੱਚ ਵਿਚਰਨ ਲਈ ਸਾਨੂੰ ਅਧਿਆਪਕ ਦੀ ਲੋੜ ਹੈ। ਅਧਿਆਪਕ ਤੋਂ ਬਿਨਾਂ ਅਸੀਂ ਅਗਿਆਨੀ ਰਹਿ ਜਾਵਾਂਗੇ ਤੇ ਅਗਿਆਨੀ ਮਨੁੱਖ ਪਸ਼ੂ ਸਮਾਨ ਹੁੰਦਾ ਹੈ। ਕਬੀਰ ਜੀ ਨੇ ਵੀ ਅਧਿਆਪਕ ਭਾਵ ਗੁਰੂ ਨੂੰ ਪਰਮਾਤਮਾ ਤੋਂ ਵੱਡਾ ਦੱਸਿਆ ਹੈ:
ਗੁਰੂ ਗੋਬਿੰਦ ਦੋਨੋਂ ਖੜੇ, ਕਿਸ ਕੇ ਲਾਗੋ ਪਾਏਂ।
ਬਲਿਹਾਰੀ ਗੁਰੂ ਆਪਣੇ, ਜਿਨ ਗੋਬਿੰਦ ਦੀਆ ਮਿਲਾਏ।
ਹਰ ਇਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਇਕੋ ਦ੍ਰਿਸ਼ਟੀ ਨਾਲ ਦੇਖਦਾ ਹੈ। ਆਪਣੇ ਵਿਦਿਆਰਥੀਆਂ ਦੀ ਹਰੇਕ ਸਮੱਸਿਆਵਾਂ ਦਾ ਉਪਾਅ ਕਰਦੇ ਹਨ। ਉਹ ਸਾਡੇ ਦੂਜੇ ਮਾਂ -ਬਾਪ ਹਨ।
ਮੇਰੇ ਅਨੁਸਾਰ ਅਧਿਆਪਕ ਦਾ ਸਮਾਜ ਵਿਚ ਉਹ ਰੁਤਬਾ ਹੋਣਾ ਚਾਹੀਦਾ ਹੈ, ਜੋ ਕਈਆਂ ਹੀਰਿਆਂ ਵਿੱਚੋਂ ਇੱਕ ਕੋਹੇਨੂਰ ਦਾ ਹੈ।
ਕਿਰਨਪ੍ਰੀਤ ਕੌਰ