ਦੋਸਤ ਕਹਿਣਾ ਤੇ ਬਣਾਉਣਾ ਬਹੁਤ ਅਸਾਨ ਹੈ ਪਰੰਤੂ ਦੋਸਤੀ ਨੂੰ ਨਿਭਾਉਣਾ ਬਹੁਤ ਹੀ ਮੁਸ਼ਕਿਲ। ਦੋਸਤੀ ਤੋਂ ਬਿਨਾ ਇਹ ਜੀਵਨ ਅਧੂਰਾ ਜਿਹਾ ਹੁੰਦਾ ਹੈ । ਦੋਸਤੀ ਇਕ ਅਜਿਹਾ ਸ਼ਬਦ ਹੈ, ਜਿਸ ਦੁਆਰਾ ਅਸੀਂ ਦੂਸਰਿਆਂ ਦੀਆਂ ਮੁਸੀਬਤਾਂ ਮੁਸ਼ਕਲਾਂ ਨੂੰ ਸਮਝ ਸਕਦੇ ਹਾਂ ਅਤੇ ਉਹਨਾਂ ਦੀ ਹਰ ਮੁਸ਼ਕਿਲ ਨੂੰ ਆਸਾਨ ਬਣਾ ਸਕਦੇ ਹਾਂ।
ਅੱਜਕਲ ਦੇ ਬਦਲਦੇ ਜਮਾਨੇ ਵਿਚ ਕਿਸੇ ਨੂੰ ਦੋਸਤੀ ਦਾ ਅਸਲੀ ਮਤਲਬ ਹੀ ਪਤਾ ਨਹੀਂ। ਅੱਜਕੱਲ ਦਾ ਮਨੁੱਖ ਥੋੜੀ ਦੇਰ ਲਈ ਤਾਂ ਕਿਸੇ ਨੂੰ ਦੋਸਤ ਬਣਾ ਲੈਂਦਾ ਹੈ ਪਰ ਮਤਲਬ ਨਿਕਲਦੇ ਹੀ ਉਸ ਨਾਲੋਂ ਪੱਲਾ ਛੁਡਾ ਕੇ ਕਿਸੇ ਹੋਰ ਨਾਲ ਦੋਸਤੀ ਕਰ ਲੈਂਦਾ ਹੈ।
ਕੁਝ ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਆਪਣੇ ਦੋਸਤ ਨੂੰ ਕਿਸੇ ਹੋਰ ਨਾਲ ਦੋਸਤੀ ਕਰਦਾ ਦੇਖ ਖੁਸ਼ ਨਹੀਂ ਹੁੰਦੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਦੋਸਤ ਕਿਸੇ ਹੋਰ ਨਾਲ ਦੋਸਤੀ ਕਰੇ ਅਜਿਹੇ ਦੋਸਤ ਨਫ਼ਰਤ ਅਤੇ ਦੁਸ਼ਮਣੀ ਦਾ ਬੀਜ ਬੀਜਦੇ ਹਨ। ਸੱਚੀ ਦੋਸਤੀ ਤਾਂ ਪ੍ਰਮਾਤਮਾ ਦੀ ਪੂਜਾ ਦੇ ਸਮਾਨ ਹੁੰਦੀ ਹੈ। ਦੋਸਤੀ ਸਾਨੂੰ ਪਿਆਰ ਕਰਨਾ, ਵੰਡਣਾ ਅਤੇ ਦੂਸਰਿਆਂ ਲਈ ਪਿਆਰ ਨਾਲ ਉਸ ਦੇ ਕੰਮ ਆਉਣਾ ਸਿਖਾਉਂਦੀ ਹੈ। ਦੋਸਤੀ ਅਤੇ ਪਿਆਰ ਨਾਲ-ਨਾਲ ਚੱਲਦੇ ਹਨ। ਦੋਸਤੀ ਤਾਂ ਹੀ ਹੋਵੇਗੀ ਜੇਕਰ ਦਿਲ ਵਿਚ ਦੂਸਰਿਆਂ ਲਈ ਪਿਆਰ ਹੋਵੇਗਾ। ਕਈ ਵਾਰ ਦੋਸਤਾਂ ਦੇ ਕਾਰਨ ਮੁਸ਼ਕਲਾਂ ਵੀ ਸਾਹਮਣੇ ਆ ਜਾਂਦੀਆਂ ਹਨ । ਜੇਕਰ ਤੁਸੀ ਗਲਤ ਦੋਸਤ ਚਣਿਆ ਹੈ ਤਾਂ ਉਹ ਅੱਗੇ ਜਾ ਕੇ ਤੁਹਾਡੇ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ਇਸ ਲਈ ਦੋਸਤੀ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਦੋਸਤ ਦਾ ਚਾਲ-ਚਲਣ ਕਿਹੋ ਜਿਹਾ ਹੈ? ਜੇ ਉਸ ਦਾ ਆਚਰਣ ਚੰਗਾ ਨਹੀਂ ਤਾਂ ਉਹ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਸ ਲਈ ਦੋਸਤ ਚੰਗਾ ਨੇਕ ਦਿਲ ਬਣਾਉ ਜੋ ਤੁਹਾਡੀ ਮੁਸੀਬਤ ਵੇਲੇ ਮਦਦ ਕਰੇ ਜਿਸ ਨੂੰ ਦੋਸਤ
ਕਹਿੰਦੇ ਹੋਏ ਤੁਹਾਨੂੰ ਮਾਣ ਹੋਏ।
ਇਸ ਲਈ ਜਿੰਦਗੀ ਵਿਚ ਦੋਸਤ ਤਾਂ ਜਰੂਰ ਬਣਾਉਣੇ ਚਾਹੀਦੇ ਹਨ ਪਰੰਤੂ ਕੁਝ ਸੋਚ ਸਮਝ ਕੇ ਬਣਾਏ ਦੋਸਤ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ। ਸੱਚੀ ਦੋਸਤੀ ਮਨੁੱਖੀ ਜੀਵਨ ਲਈ ਅੰਮ੍ਰਿਤ ਸਮਾਨ ਹੈ
By: Ms. Manmeet Kaur