ਲੌਕਡਾਊਨ ਕਾਰਨ ਦੇਸ਼ ਭਰ ’ਚ ਆਨਲਾਈਨ ਪੜ੍ਹਾਈ ਦਾ ਅਮਲ ਸ਼ੁਰੂ ਹੈ। ਸਿੱਖਿਆ ਨਾਲ ਸਬੰਧਤ ਵੱਖ-ਵੱਖ ਕਿਸਮ ਦੀਆਂ ਐਪਸ ਤਿਆਰ ਹਨ। ਸੋਸ਼ਲ ਮੀਡੀਆ ਤੇ ਵਿਦਿਆਰਥੀ-ਅਧਿਆਪਕਾਂ ਦੇ ਕਈ ਗਰੁੱਪ ਕਾਰਜਸ਼ੀਲ ਹਨ। ਯੂ-ਟਿਊਬ ਸਮੇਤ ਅਨੇਕਾਂ ਹੋਰਾਂ ਢੰਗਾਂ ਨਾਲ ਵਿਦਿਆਰਥੀਆਂ ਤੱਕ ਵਿਦਿਆ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸਭ ਕਾਸੇ ਦੇ ਬਾਵਜੂਦ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨਲਾਈਨ ਪੜ੍ਹਾਈ ਦੀ ਸਭ ਤੋਂ ਵੱਡੀ ਸਮੱਸਿਆ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆ ਰਹੀ ਹੈ। ਅਜਿਹੇ ਵਿਦਿਆਰਥੀਆਂ ਦੇ ਮਾਪੇ ਵੀ ਅਣਪੜ੍ਹ ਜਾਂ ਘੱਟ ਪੜ੍ਹੇ ਲਿਖੇ ਹੁੰਦੇ ਹਨ। ਬਹੁਤੇ ਮਾਪੇ ਦਿਹਾੜੀਦਾਰ ਕਾਮੇ ਜਾਂ ਛੋਟੇ ਮੋਟੇ ਰੁਜ਼ਗਾਰ ਨਾਲ ਜੁੜ ਕੇ ਨਿੱਤ-ਦਿਨ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਵਾਸਤੇ ਹੀ ਆਮਦਨ ਜੁਟਾ ਪਾਉਂਦੇ ਹਨ। ਅਜਿਹੀਆਂ ਪੇਤਲੀਆਂ ਜਿਉਣ ਹਾਲਤਾਂ ’ਚ ਕੋਈ ਵਿਦਿਆਰਥੀ ਆਨਲਾਈਨ ਸਿੱਖਿਆ ਲੈਣ ਦਾ ਸੁਪਨਾ ਕਿਵੇਂ ਲੈ ਸਕਦਾ ਹੈ? ਨਾ ਉਸ ਕੋਲ ਸਮਾਰਟ ਫੋਨ ਹੈ ਨਾ ਹੀ ਟੈਲੀਵੀਜ਼ਨ। ਧਰਾਤਲੀ ਹਾਲਤਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜੇਕਰ ਘਰ ਵਿਚ ਕਿਸੇ ਵੱਡੇ ਵਿਅਕਤੀ ਪਿਤਾ ਜਾਂ ਵੱਡੇ ਭਰਾ ਕੋਲ ਮੋਬਾਈਲ ਫੋਨ ਹੈ ਤਾਂ ਉਹ ਇਸ ਦੀ ਵਰਤੋਂ ਅਕਸਰ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਕਰਨ ਨਹੀਂ ਦਿੰਦਾ। ਲੜਕੀਆਂ ਨੂੰ ਤਾਂ ਬਿਲਕੁਲ ਵੀ ਨਹੀਂ। ਇਸ ਤਰ੍ਹਾਂ ਸਮਾਜਿਕ ਨਾ-ਬਰਾਬਰੀ ਦੇ ਪਾੜੇ ਵੱਧਣ ਦਾ ਖਦਸ਼ਾ ਪੈਦਾ ਹੁੰਦਾ ਹੈ। ਇਹ ਇੱਕ ਵੱਡਾ ਮਸਲਾ ਹੈ। ਵਿਦਿਆਰਥੀਆਂ ਦੇ ਇੱਕ ਵੱਡੇ ਵਰਗ ਕੋਲ ਲੋੜੀਂਦੀਆਂ ਕਿਤਾਬਾਂ ਪਹੁੰਚਾਉਣ ਵਿਚ ਸਰਕਾਰਾਂ ਕਾਮਯਾਬ ਨਹੀਂ ਹੋ ਸਕੀਆਂ। ਘਰ ਵਿਚ ਜਮਾਤ ਵਾਲਾ ਮਾਹੌਲ ਵੀ ਪੈਦਾ ਨਹੀਂ ਕੀਤਾ ਜਾ ਸਕਦਾ। ਜਮਾਤ ਵਿਚ ਵਿਦਿਆਰਥੀ ਤੇ ਅਧਿਆਪਕ ਇੱਕ ਦੂਸਰੇ ਦੇ ਸਨਮੁੱਖ ਹੁੰਦੇ ਹਨ। ਜਮਾਤ ’ਚ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਦੌਰਾਨ ਅਧਿਆਪਕ ਦੀ ਨਜ਼ਰ ਹਰ ਵਿਦਿਆਰਥੀ ’ਤੇ ਹੁੰਦੀ ਹੈ। ਵੱਖ-ਵੱਖ ਗਤੀਵਿਧੀਆਂ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜੀ ਰੱਖਦਾ ਹੈ। ਅਜਿਹੀ ਹਾਲਤ ਵਿਚ ਵਿਦਿਆਰਥੀ ਸੁਚੇਤ ਹੋ ਕੇ ਸਿੱਖਿਆ ਗ੍ਰਹਿਣ ਕਰਦੇ ਹਨ। ਬਲੈਕ ਬੋਰਡ ਤੋਂ ਲੋੜੀਂਦੇ ਵੇਰਵੇ ਕਾਪੀਆਂ ਵਿਚ ਵੀ ਉਤਾਰਦੇ ਹਨ। ਆਨਲਾਈਨ ਪੜ੍ਹਾਈ ਵਿਚ ਇਹ ਸਭ ਕੁਝ ਸੰਭਵ ਨਹੀਂ। ਵਿਗਿਆਨ, ਚਿੱਤਰਕਲਾ, ਭੂਗੋਲ, ਰਸੋਈ ਸਿੱਖਿਆ, ਕਟਾਈ ਤੇ ਸਿਲਾਈ, ਸਿਹਤ ਤੇ ਸਰੀਰਕ ਸਿੱਖਿਆ ਆਦਿ ਵਰਗੇ ਅਨੇਕਾਂ ਵਿਸ਼ੇ ਪ੍ਰਯੋਗੀ ਵਿਸ਼ੇ ਹਨ। ਪ੍ਰਯੋਗੀ ਵਿਸ਼ਿਆਂ ਵਿਚ ਸ਼ਾਮਿਲ ਗਤੀਵਿਧੀਆਂ ਨੂੰ ਹੱਥੀ ਕੀਤੇ ਬਿਨਾਂ ਸਮਝਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਵਿਗਿਆਨ ਦੇ ਬਹੁਤੇ ਪਾਠਾਂ ਨੂੰ ਸਮਝਾਉਣ ਲਈ ਪ੍ਰਯੋਗਸ਼ਾਲਾ ਦੀ ਲੋੜ ਹੁੰਦੀ ਹੈ। ਆਨਲਾਈਨ ਪੜ੍ਹ ਰਹੇ ਵਿਦਿਆਰਥੀ ਪ੍ਰਯੋਗਸ਼ਾਲਾ ਵਿਚ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਤੋਂ ਸੱਖਣੇ ਰਹਿ ਜਾਂਦੇ ਹਨ। ਨਾ ਹੀ ਕੋਈ ਵਿਦਿਆਰਥੀ ਘਰ ਵਿਚ ਪ੍ਰਯੋਗਸ਼ਾਲਾ ਲਈ ਲੋੜੀਂਦਾ ਸਾਮਾਨ ਜੁਟਾ ਸਕਣ ਦੇ ਸਮਰੱਥ ਹੁੰਦਾ ਹੈ। ਅਧਿਆਪਕ ਵੀ ਵਿਦਿਆਰਥੀਆਂ ਨੂੰ ਤਸਵੀਰਾਂ, ਪੀਪੀਟੀਜ਼, ਵੀਡੀਓਜ਼, ਆਡੀਓ ਟਾਕ ਆਦਿ ਦੀ ਸਹਾਇਤਾ ਨਾਲ ਪਾਠ ਸਮਝਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਕੋਲ ਵੀ ਪ੍ਰਯੋਗਸ਼ਾਲਾ ਵਾਲਾ ਸਾਜੋ-ਸਾਮਾਨ ਘਰ ਵਿਚ ਉਪਲਬਧ ਨਹੀਂ ਹੁੰਦਾ। ਅਧਿਆਪਕ ਸਹੀ ਢੰਗ ਨਾਲ ਕਿਸੇ ਪਾਠ ਦੀ ਆਨਲਾਈਨ ਤਿਆਰੀ ਤਾਂ ਹੀ ਕਰ ਸਕਦਾ ਹੈ ਜੇਕਰ ਉਸ ਕੋਲ ਕੰਪਿਊਟਰ/ਲੈਪਟਾਪ, ਪ੍ਰਿੰਟਰ, ਸਕੈਨਰ, ਮਾਈਕਰੋਫੋਨ, ਕੈਮਰਾ, ਲੋੜੀਂਦੇ ਸਾਫ਼ਟਵੇਅਰ, ਵਧੀਆ ਇੰਟਰਨੈਟ ਕੁਨੈਕਸ਼ਨ ਆਦਿ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਵੱਡੀ ਗਿਣਤੀ ਅਧਿਆਪਕਾਂ ਕੋਲ ਇਨ੍ਹਾਂ ’ਚੋਂ ਬਹੁਤੇ ਯੰਤਰ ਮੌਜੂਦ ਨਹੀਂ ਹੁੰਦੇ। ਸਿਰਫ਼ ਸਮਾਰਟ ਫੋਨ ਦੇ ਬਲਬੂਤੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਆਨਲਾਈਨ ਪੜ੍ਹਾਈ ਲਈ ਲੋੜੀਂਦੀ ਸਮਾਂ-ਸਾਰਣੀ ਦੀ ਵੀ ਘਾਟ ਹੈ। ਅੱਜ ਦੇਸ਼ ’ਚ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਇੱਕ ਪਾਸੜ ਹੋਣ ਕਰ ਕੇ ਵਿਦਿਆਰਥੀਆਂ ਦਾ ਪੱਖ ਵਧੇਰੇਤਰ ਅਣਗੌਲਿਆ ਰਹਿ ਜਾਂਦਾ ਹੈ। ਸਿੱਖਿਆ ਦਾ ਮਕਸਦ ਵਿਦਿਆਰਥੀ ਨੂੰ ਸਿਰਫ਼ ਕਿਤਾਬੀ ਗਿਆਨ ਨਾਲ ਹੀ ਜੋੜਣਾ ਨਹੀਂ ਹੁੰਦਾ। ਉਸ ਦਾ ਸਰਵਪੱਖੀ ਵਿਕਾਸ ਵੀ ਕਰਨਾ ਹੁੰਦਾ ਹੈ। ਇਸ ਕਾਰਜ ਦੀ ਪੂਰਤੀ ਲਈ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ, ਖੇਡ ਮੁਕਾਬਲੇ, ਭਾਸ਼ਣ ਮੁਕਾਬਲੇ, ਲਿਖਤ ਤੇ ਚਿੱਤਰਕਾਰੀ ਮੁਕਾਬਲੇ ਆਦਿ ਵੀ ਪੜਾਈ ਦਾ ਅਹਿਮ ਹਿੱਸਾ ਹੁੰਦੇ ਹਨ। ਇਹ ਗਤੀਵਿਧੀਆਂ ਆਨਲਾਈਨ ਤਕਨੀਕ ਰਾਹੀਂ ਹਾਲੇ ਅਸੰਭਵ ਹਨ। ਸਕੂਲੀ ਲਾਇਬ੍ਰੇਰੀਆਂ ਵਿਚ ਪਈਆਂ ਪੁਸਤਕਾਂ ਜਿਹੜੀਆਂ ਵਿਦਿਆਰਥੀ ਨੂੰ ਬਾਹਰੀ ਦੁਨੀਆਂ ਨਾਲ ਜੋੜਣ ਵਿਚ ਸਹਾਈ ਹੁੰਦੀਆਂ ਹਨ, ਵੀ ਆਨਲਾਈਨ ਪੜ੍ਹਾਈ ਦੇ ਦਾਇਰੇ ਤੋਂ ਬਾਹਰੀ ਗੱਲ ਹਨ। ਸਾਲਾਨਾ ਪ੍ਰੀਖਿਆਵਾਂ ਸਮੇਂ ਵੀ ਵਿਦਿਆਰਥੀਆਂ/ਅਧਿਆਪਕਾਂ ਨੂੰ ਕਈ ਸਮੱਸਿਆਵਾਂ ਦਾ ਆਉਣ ਦੀ ਗੱਲ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ। ਅਸਲ ਵਿਚ ਦੇਸ਼ ਭਰ ਵਿਚ ਲੌਕਡਾਊਨ ਦੀ ਆੜ ਵਿਚ ਚਲਾਈ ਜਾ ਰਹੀ ਆਨਲਾਈਨ ਸਿੱਖਿਆ ਨਿਸ਼ਚਿਤ ਹੀ ਮੁੱਢਲੇ ਤਜਰਬੇ ਵਜੋਂ ਨਮੂਨੇ ਦੇ ਰੂਪ ਵਿਚ ਪੇਸ਼ ਕੀਤੀ ਜਾ ਰਹੀ ਹੈ। ਭਵਿੱਖ ਵਿਚ ਇਸ ਨੂੰ ਵੱਡੇ ਪੱਧਰ ’ਤੇ ਲਾਗੂ ਕੀਤੇ ਜਾਣ ਦੀ ਸੰਭਵਾਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਪਿੱਛੇ ਕੌਮੀ ਸਿੱਖਿਆ ਨੀਤੀ-2019 ਦੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਉਸ ਅਮਲ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ, ਜਿਸ ਤਹਿਤ ਭਵਿੱਖ ਵਿਚ ਮਹਿਕਮੇ ਦੀ ਆਕਾਰ ਘਟਾਈ ਕਰਨਾ, ਅਧਿਆਪਕ ਭਰਤੀ ਨਿਯਮਾਂ ਨੂੰ ਸਖ਼ਤ ਕਰਨਾ, ਆਸਾਮੀਆਂ ਦੀ ਆਕਾਰ ਘਟਾਈ ਤੇ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਨਿੱਜੀਕਰਨ ਦੇ ਰਾਹ ਤੋਰਨਾ ਹੈ।
ਮਨਪ੍ਰੀਤ ਕੌਰ