ਪੁੱਤ ਪਰਦੇਸੀਆਂ ਨੂੰ ਤਰਸਣ ਮਾਵਾਂ
ਰੁੱਸ ਗਈਆਂ ਲੋਰੀਆਂ ਤੇ ਨਿਕਲਣ ਹਾਵਾਂ
ਹਰ ਵੇਲੇ ਬੂਹੇ ਤੇ ਨਜ਼ਰਾਂ ਨੇ ਲੱਗੀਆਂ
ਉਮਰਾਂ ਦੇ ਕੱਦ ਛੋਟੇ ਉਡੀਕਾਂ ਨੇ ਲੰਮੀਆਂ
ਹੰਝੂ ਖਾਰੇ ਪੀ ਪੀ ਕੇ ਖੁਰਦੀ ਜਾਵਾਂ
ਪੁੱਤ ਪਰਦੇਸੀਆ ਨੂੰ ਤਰਸਣ ਮਾਵਾਂ
ਖੌਰੇ ਕਿਹੜੇ ਪੱਥਰਾਂ ਦੇ ਸ਼ਹਿਰ ਜਾ ਵੱਸਿਆ
ਖ਼ੌਰੇ ਕਿਹੜੀ ਦੁਨੀਆਂ ਦੇ ਰੰਗ ਚ ਜਾ ਰਚਿਆ
ਰਾਸ ਨਾ ਆਈ ਤੈਨੂੰ ਪਿੰਡ ਦੀਆਂ ਰਾਹਵਾਂ
ਪੁੱਤ ਪਰਦੇਸੀਆ ਨੂੰ ਤਰਸਣ ਮਾਵਾਂ
ਕਾਹਨੂੰ ਰੱਬਾ ਪੁੱਤ ਦਿੱਤੇ ਨਾ ਕਰਵਾਉਣ ਨੂੰ
ਫਿਰ ਕਾਹਨੂੰ ਦੂਰ ਕੀਤੇ ਦਿਲ ਦਰਸਾਉਣ ਨੂੰ
ਕਿਹੜੇ ਮਾੜੇ ਕਰਮਾਂ ਦੀਆਂ ਦਿੱਤੀਆਂ ਸਜ਼ਾਵਾਂ
ਪੁੱਤ ਪਰਦੇਸੀਆਂ ਨੂੰ ਤਰਸਣ ਮਾਵਾਂ
ਪੁੱਤਰਾਂ ਦੇ ਆਉਣ ਦੇ ਸੁਪਨੇ ਸਜਾ ਕੇ
ਨੈਣਾਂ ਚ ਭੁਲੇਖਿਆਂ ਦੇ ਕਜਲੇ ਨੂੰ ਪਾ ਕੇ
ਨੂੰਹਾਂ ਪੁੱਤਾਂ ਪੋਤਿਆਂ ਲਈ ਕਰਨ ਦੁਆਵਾਂ
ਪੁੱਤ ਪਰਦੇਸੀਆ ਨੂੰ ਤਰਸਣ ਮਾਵਾਂ
ਹਰਮੀਤ ਕੌਰ